

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ ਵਿਚੋਂ ਬਾਹਰ ਆ ਗਏ ਨੇ। ਉਨ੍ਹਾਂ ਨੂੰ ਬੀਤੇ ਦਿਨ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਨਾਭਾ ਜੇਲ੍ਹ ਤੋਂ ਰਿਹਾਈ ਹੋ ਗਈ ਐ। ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਆਉਣ ਵੇਲੇ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਸਮਰਥਕ ਮੌਜੂਦ ਸਨ, ਜਿਨ੍ਹਾਂ ਨੇ ਹਾਰ ਪਾ ਕੇ ਸਵਾਗਤ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਆਪਣੇ ਆਗੂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ। ਧਰਮਸੋਤ ਦੀ 14 ਮਹੀਨੇ ਬਾਅਦ ਹੋਈ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪਾਰਟੀ ਵਰਕਰਾਂ ਅੰਦਰ ਭਾਰੀ ਖੁਸ਼ੀ ਵੇਖਣ ਨੂੰ ਮਿਲੀ। ਜੇਲ੍ਹ ਤੋਂ ਬਾਹਰ ਆਉਣ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਵਰਕਰਾਂ ਤੇ ਪਾਰਟੀ ਹਾਈ ਕਮਾਡ ਦੀ ਲੜਾਈ ਸੀ, ਜਿਸ ਵਿਚ ਉਨ੍ਹਾਂ ਨੂੰ ਸਫਲਤਾ ਮਿਲੀ ਐ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਆਪਣੇ ਹਲਕੇ ਅੰਦਰ ਲਗਾਤਾਰ ਸਰਗਰਮ ਸਨ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਵੱਲੋਂ ਜੋ ਵੀ ਡਿਊਟੀ ਲਾਈ ਜਾਵੇਗੀ, ਉਹ ਪਾਰਟੀ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨਗੇ। ਦੱਸਣਯੋਗ ਐ ਕਿ ਬੀਤੇ 14 ਮਹੀਨਿਆਂ ਤੋਂ ਜੇਲ੍ਹ ਅੰਦਰ ਬੰਦ ਧਰਮਸੋਤ ਨੂੰ 15 ਤਰੀਕ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਸੀ ਉਨ੍ਹਾਂ ਦੀ ਬੀਤੇ ਕੱਲ੍ਹ ਰਿਹਾਈ ਹੋਣ ਦੀ ਉਮੀਦ ਸੀ ਪਰ ਜੇਲ੍ਹ ਪ੍ਰਸ਼ਾਸਨ ਤਕ ਜ਼ਮਾਨਤ ਦੇ ਕਾਗਜ਼ਾਤ ਸਮੇਂ ਸਿਰ ਨਾ ਪਹੁੰਚਣ ਕਾਰਨ ਰਿਹਾਈ ਸੰਭਵ ਨਹੀਂ ਸੀ ਹੋ ਸਕੀ ਅਤੇ ਅੱਜ ਜ਼ਮਾਨਤੀ ਕਾਗਜ਼ਾਤ ਪਹੁੰਚਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਏ। ਇਸ ਮੌਕੇ ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ, “ਮੈਨੂੰ ਸੁਪਰੀਮ ਕੋਰਟ ਵੱਲੋਂ ਨਿਆਂ ਮਿਲਿਆ ਹੈ, ਮੈਂ ਕੋਰਟ ਦਾ ਧੰਨਵਾਦ ਕਰਦਾ ਹਾਂ ਤੇ ਮੈਨੂੰ ਨਿਆਪਾਲਿਕਾ ਉੱਤੇ ਪੂਰਾ ਭਰੋਸਾ ਹੈ। ਸਾਥ ਹੀ ਕਾਂਗਰਸੀ ਆਗੂ ਚਰਨਜੀਤ ਬਾਤਿਸ਼ ਅਤੇ ਬਲਵਿੰਦਰ ਸਿੰਘ ਬਿੱਟੂ ਨੇ ਵੀ ਉਨ੍ਹਾਂ ਦੀ ਰਿਹਾਈ ‘ਤੇ ਖੁਸ਼ੀ ਜਤਾਈ ਅਤੇ ਕਿਹਾ ਕਿ, “ਸਾਧੂ ਸਿੰਘ ਧਰਮਸੋਤ ਦਾ ਸਵਾਗਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਉਨ੍ਹਾਂ ਦੀ ਰਿਹਾਈ ਤੋਂ ਬਹੁਤ ਖੁਸ਼ ਹਾਂ।

