

ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ਾਂ ਦਾ ਰੁਖ ਕਰ ਰਹੇ ਪੰਜਾਬੀਆਂ ਨੇ ਜਿੱਥੇ ਆਪਣੀ ਮਿਹਨਤ ਦੇ ਬਲਬੂਤੇ ਚੰਗੇ ਮੁਕਾਮ ਹਾਸਲ ਕੀਤੇ ਨੇ ਉੱਥੇ ਹੀ ਅਣਹੋਣੀਆਂ ਘਟਨਾਵਾਂ ਵਾਪਰਨ ਦੇ ਚਲਦਿਆਂ ਲਾਸ਼ਾਂ ਬਣ ਕੇ ਪਰਤਣ ਦੇ ਮਾਮਲੇ ਵੀ ਸਾਹਮਣੇ ਰਹੇ ਨੇ। ਅਜਿਹਾ ਹੀ ਮਾਮਲਾ ਕਪੂਰਥਲਾ ਅਧੀਨ ਆਉਂਦੇ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੂਸੇ ਖਾਂ ਤੋਂ ਸਾਹਮਣੇ ਆਇਆ ਐ, ਜਿੱਥੇ ਦੇ ਮੂਲ ਵਾਸੀ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਅੱਜ ਕਾਫੀ ਦਿਨਾਂ ਦੀ ਉਡੀਕ ਬਾਅਦ ਜੱਦੀ ਪਿੰਡ ਪਹੁੰਚੀ, ਜਿੱਥੇ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਐ। ਮ੍ਰਿਤਕ ਦੀ ਪਛਾਣ ਵਿਨੋਦ ਸਿੰਘ ਵਜੋਂ ਹੋਈ ਐ ਜੋ ਦੋ ਸਾਲ ਪਹਿਲਾਂ 40 ਲੱਖ ਰੁਪਏ ਖਰਚ ਕੇ ਡੌਂਕੀ ਰਸਤੇ ਅਮਰੀਕਾ ਗਿਆ ਸੀ। ਉਹ ਅਮਰੀਕਾ ਜਾ ਕੇ ਕੰਮ ਵੀ ਲੱਗ ਗਿਆ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ ਅਤੇ ਉਸ ਨੂੰ ਨਾਮੁਰਾਦ ਬਿਮਾਰੀ ਕੈਂਸਰ ਨੇ ਆਪਣੀ ਲਪੇਟ ਵਿਚ ਲੈ ਲਿਆ। ਵਿਨੋਦ ਸਿੰਘ ਦਾ ਅਮਰੀਕਾ ਵਿਚ ਇਲਾਜ ਚੱਲਿਆ ਪਰ ਅਖੀਰ ਉਹ ਬਿਮਾਰੀ ਹੱਥੋਂ ਹਾਰ ਗਿਆ ਅਤੇ ਉਸ ਦੀ ਅਮਰੀਕਾ ਦਾ ਧਰਤੀ ਤੇ ਮੌਤ ਹੋ ਗਈ। ਵਿਨੋਦ ਦੀ ਮੌਤ ਦੀ ਖਬਰ ਪਿੰਡ ਪਹੁੰਚਣ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਐ। ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ ਜਿਸ ਵੇਲੇ ਵਿਨੋਦ ਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀ ਤਾਂ ਸੱਤ ਮਹੀਨੇ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਕਿਉਂਕਿ ਸੱਤ ਮਹੀਨੇ ਉਹ ਡੌਂਕੀ ਰਾਹੀਂ ਜੰਗਲਾਂ ਦੇ ਵਿੱਚੋਂ ਨਿਕਲਿਆ ਸੀ ਅਤੇ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ ਇੱਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਜਿਸ ਦੇ ਬਾਰੇ ਉਹਨਾਂ ਨੂੰ ਵਿਨੋਦ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਚੱਲਦਾ ਹੈ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸਦੇ ਦੋਸਤਾਂ ਦੇ ਵੱਲੋਂ ਇੱਕ ਦੂਸਰੇ ਦੀ ਮਦਦ ਦੇ ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖੀਰ ਇਸ ਬਿਮਾਰੀ ਦੇ ਨਾਲ ਲੜਦੇ ਲੜਦੇ ਵਿਨੋਦ ਦੀ ਮੌਤ ਹੋ ਗਈ। ਵਿਨੋਦ ਕੁਮਾਰ ਦੀ ਮ੍ਰਿਤਕ ਦੇਹ ਅੱਜ ਜੱਦੀ ਪਹੁੰਚੀ, ਜਿੱਥੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਐ।

