

ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅੱਜ ਸ਼ਹਿਰ ਦੇ ਮਾਨ ਨਗਰ ਇਲਾਕੇ ਚ ਪਹੁੰਚੇ ਜਿੱਥੇ ਉਨ੍ਹਾਂ ਨੇ ਨਸ਼ੇ ਦੀ ਭੇਂਟ ਚੜ੍ਹੇ ਨੌਜਵਾਨ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਬਟਾਲਾ ਤੋਂ ਇਲਾਵਾ ਸਥਾਨਕ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰ ਨਾਲ ਮੁਲਾਕਾਤ ਕਰ ਕੇ ਪਰਿਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿਵਾਇਆ ਅਤੇ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਦੀ ਮੰਗ ਕੀਤੀ। ਪਰਿਵਾਰ ਨਾਲ ਮਿਲਣੀ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦਾਇਕ ਸ਼ੈਰੀ ਕਲਸੀ ਅਤੇ ਐੱਸਐੱਸਪੀ ਬਟਾਲਾ ਸੋਹਿਲ ਕਾਸਿਮ ਮੀਰ ਦਾ ਕਹਿਣਾ ਸੀ ਕਿ ਪਰਿਵਾਰ ਨਾਲ ਗੱਲਬਾਤ ਤੋਂ ਸਾਹਮਣੇ ਆਇਆ ਐ ਕਿ ਇਹ ਨੌਜਵਾਨ ਨਸ਼ੇ ਦਾ ਆਦੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਐ ਅਤੇ ਸਰਕਾਰ ਤੇ ਸਾਰਾ ਪ੍ਰਸ਼ਾਸਨ ਪੀੜਤ ਪਰਿਵਾਰ ਦੇ ਨਾਲ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਹੇਠ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਚ ਇਕ ਔਰਤ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਲਈ ਸਿਰਤੋੜ ਯਤਨ ਕਰ ਰਹੀ ਐ ਪਰ ਇਹ ਅਜਿਹੀ ਅਲਾਮਤ ਐ, ਜਿਸ ਨੂੰ ਜੜ੍ਹੋਂ ਖਤਮ ਕਰਨ ਲਈ ਆਮ ਜਨਤਾ ਦੀ ਸਹਿਯੋਗ ਅਤੀ ਲੋੜੀਂਦਾ ਐ, ਇਸ ਲਈ ਉਹ ਲਗਾਤਾਰ ਲੋਕਾਂ ਤੋਂ ਨਸ਼ਿਆਂ ਖਿਲਾਫ ਜੰਗ ਚ ਸਾਥ ਮੰਗ ਰਹੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਸਾਥ ਮਿਲਣਾ ਚਾਹੀਦਾ ਉਸ ਤਰ੍ਹਾਂ ਲੋਕ ਅੱਗੇ ਨਹੀਂ ਆ ਰਹੇ। ਉਹਨਾਂ ਲੋਕਾਂ ਨੂੰ ਬਿਨਾਂ ਕਿਸੇ ਡਰ-ਭੈਅ ਦੇ ਸਰਕਾਰ ਦਾ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਇਆ ਜਾ ਸਕੇ।

