

ਫਤਹਿਗੜ੍ਹ ਵਿਖੇ ਸਥਿਤ ਅਮਨ ਕਾਲੋਨੀ ਅੰਦਰ ਚੋਰਾਂ ਵੱਲੋਂ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਸਾਹਮਣੇ ਆਈ ਐ। ਚੋਰ ਘਰ ਅੰਦਰੋਂ ਸੋਨੇ, ਚਾਦੀ ਦੇ ਗਹਿਣਿਆਂ ਤੋਂ ਇਲਾਵਾ ਨਕਦੀ ਲੈ ਕੇ ਫਰਾਰ ਹੋ ਗਏ। ਘਰ ਦੇ ਮਾਲਕ ਦੇ ਦੱਸਣ ਮੁਤਾਬਕ ਉਹ ਘਰ ਨੂੰ ਤਾਲਾ ਮਾਰ ਕੇ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਜਦੋਂ ਵਾਪਸ ਆ ਕੇ ਵੇਖਿਆ ਤਾਂ ਘਰ ਦੇ ਮੇਨ ਦਰਵਾਜੇ ਦੇ ਤਾਲੇ ਟੁੱਟੇ ਹੋਏ ਸੀ ਅਤੇ ਕਮਰਿਆਂ ਅੰਦਰ ਪਿਆ ਸਾਰਾ ਸਾਮਾਨ ਖਿਲਰਿਆ ਪਿਆ ਐ। ਜਾਂਚ ਕਰਨ ਤੇ ਕੁੱਝ ਸੋਨੇ ਚਾਂਦੀ ਦੇ ਗਹਿਣੇ ਅਤੇ 18 ਹਜ਼ਾਰ ਦੇ ਕਰੀਬ ਨਕਦੀ ਪਾਈ ਗਈ। ਘਰ ਦੇ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਉਧਰ ਚੋਰੀ ਦੀ ਘਟਨਾ ਤੋਂ ਬਾਅਦ ਲੋਕਾਂ ਅੰਦਰ ਭਾਰੀ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਨੇ ਸਥਾਨਕ ਪੁਲਿਸ ਦੇ ਢਿੱਲੀ ਕਾਰਵਾਈ ਦੇ ਇਲਜ਼ਾਮ ਲਾਉਂਦਿਆਂ ਚੋਰਾਂ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ ਐ। ਲੋਕਾਂ ਦੇ ਦੱਸਣ ਮੁਤਾਬਕ ਕਾਲੋਨੀ ਅੰਦਰ ਪਹਿਲਾਂ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਜਿਨ੍ਹਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ, ਪਰ ਕਾਫੀ ਅਰਸਾ ਬੀਤਣ ਬਾਅਦ ਵੀ ਪੁਲਿਸ ਚੋਰਾਂ ਨੂੰ ਟਰੇਸ ਕਰਨ ਵਿਚ ਨਾਕਾਮਯਾਬ ਰਹੀ ਐ, ਜਿਸ ਕਾਰਨ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੋ ਰਹੇ ਨੇ ਅਤੇ ਮੁੜ ਮੁੜ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇਸ ਮੌਕੇ ਅਮਨ ਕਲੋਨੀ ਦੀ ਵਿਕਾਸ ਕਮੇਟੀ ਦੇ ਪ੍ਰਧਾਨ ਮਾਸਟਰ ਹਰਚੰਦ ਸਿੰਘ ਨੇ ਕਿਹਾ ਕਿ ਕਲੋਨੀ ਵਿੱਚ ਪਹਿਲਾਂ ਵੀ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪ੍ਰੰਤੂ ਪੁਲਿਸ ਵੱਲੋਂ ਕੋਈ ਵੀ ਢੁਕਮੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤੇ ਜਦੋਂ ਹੁਣ ਇਸ ਚੋਰੀ ਸਬੰਧੀ ਪੁਲਿਸ ਸਟੇਸ਼ਨ ਸਰਹਿੰਦ ਵਿਖੇ ਉਹ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਅੱਗੋਂ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦੀ ਵੀਡੀਓ ਬਣਾਉਣ ਲਈ ਉਨ੍ਹਾਂ ਦੀ ਹੀ ਡਿਊਟੀ ਲਗਾ ਦਿੱਤੀ ਹੈ, ਜਿਸ ਕਰਕੇ ਮੁਹੱਲਾ ਨਿਵਾਸੀਆਂ ਪੁਲਿਸ ਦੀ ਇਸ ਕਾਰਵਾਈ ਤੇ ਕਈ ਸਵਾਲ ਖੜੇ ਕੀਤੇ ਹਨ ਤੇ ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਢੁਕਮੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਜਬੂਰ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਲਾਉਣਗੇ।

